Wednesday, November 18, 2009

Paash Writings!!

ਮੈਨੂੰ ਚਾਹੀਦੇ ਹਨ ਕੁਝ ਬੋਲ ਜਿਨਾਂ ਦਾ ਗੀਤ ਬਣ ਸਕੇ- ਪਾਸ਼
ਖੋਹ ਲਵੋ ਮੈਥੋਂ ਭੀੜ ਦੀ ਟੈਂ ਟੈਂ,ਸਾੜ ਦੇਵੋ ਮੈਨੂੰ ਮੇਰੀਆਂ ਨਜ਼ਮਾਂ ਦੀ ਧੂਣੀ ਤੇ
ਮੇਰੀ ਖੋਪੜੀ ਤੇ ਬੇਸ਼ਕ ਟਣਕਾਵੋ ਹਕੂਮਤ ਦਾ ਸਿਆਹ-ਝੰਡਾ
ਪਰ ਮੈਨੂੰ ਦਿਓ ਕੁਝ ਬੋਲ ਜਿਨਾਂ ਦਾ ਗੀਤ ਬਣ ਸਕੇ
ਮੈਨੂੰ ਨਹੀਂ ਚਾਹੀਦੇ ਅਮੀਨ ਸੱਯਾਨੀ ਦੇ ਡਾਇਲਾਗ
ਸਾਂਭੋ ਆਨੰਦ ਬਖ਼ਸ਼ੀ ਤੇ ਲਕਸ਼ਮੀ ਕਾਂਤ
ਮੈਂ ਕੀ ਕਰਨਾ ਇੰਦਰਾ ਦਾ ਭਾਸ਼ਣ
ਮੈਨੂੰ ਤਾਂ ਚਾਹੀਦੇ ਹਨ ਕੁਝ ਬੋਲ ਜਿਨਾਂ ਦਾ....
ਮੇਰੇ ਮੂੰਹ ਚ ਤੁੰਨ ਦਿਓ ਯਮਲੇ ਦੀ ਤੂੰਬੀ
ਮੇਰੇ ਮੱਥੇ ਤੇ ਝਰੀਟ ਦੇਵੋ ਟੈਗੋਰ ਦਾ ਨੈਸ਼ਨਲ ਇੰਥਮ
ਮੇਰੀ ਹਿੱਕ ਤੇ ਚਿਪਕਾ ਦਿਓ ਗੁਲਸ਼ਨ ਨੰਦਾ ਦੇ ਨਾਵਲ
ਮੈ ਕਾਹਨੂੰ ਪੜ੍ਨਾ ਹੈ ਜ਼ਫਰਨਾਮਾ
ਜੇ ਮੈਨੂੰ ਮਿਲ ਜਾਣ ਕੁਝ ਬੋਲ ਜਿਨਾਂ ਦਾ....
ਮੇਰੇ ਪਿੰਡੇ ਤੇ ਲੱਦ ਦਿਓ ਵਾਜਪਾਈ ਦਾ ਬੋਝਲ ਪਿੰਡਾ
ਮੇਰੇ ਗਲ ਚ ਪਾ ਦਿਓ ਹੇਮੰਤ ਬਾਸੂ ਦੀ ਲਾਸ਼
ਮੇਰੇ...ਚ ਦੇ ਦਿਓ ਲਾਲਾ ਜਗਤ ਨਾਰਾਇਣ ਦਾ ਸਿਰ
ਚਲੋ ਮੈਂ ਮਾਓ ਦਾ ਨਾਂ ਵੀ ਨਹੀਂ ਲੈਂਦਾ
ਪਰ ਮੈਨੂੰ ਦਿਓ ਤਾਂ ਸਹੀ ਕੁਝ ਬੋਲ ਜਿਨਾਂ ਦਾ...
ਮੈਨੂੰ ਪੈੱਨ ਵਿਚ ਸਿਆਹੀ ਨਾ ਭਰਨ ਦੇਵੋ
ਆਪਣੀ 'ਲੋਹ-ਕਥਾ' ਵੀ ਸਾੜ ਦਿੰਦਾ ਹਾਂ
'ਚੰਦਨ' ਨਾਲ ਵੀ ਕਾਟੀ ਕਰ ਲੈਂਦਾ ਹਾਂ
ਜੇ ਮੈਨੂੰ ਦਿਓ ਕੁਝ ਬੋਲ ਜਿਨਾਂ ਦਾ ਗੀਤ ਬਣ ਸਕੇ
ਇਹ ਗੀਤ ਮੈਂ ਉਹਨਾਂ ਗੁੰਗਿਆ ਨੂੰ ਦੇਣਾ ਹੈ
ਜਿਨਾਂ ਨੂੰ ਗੀਤਾਂ ਦੀ ਕਦਰ ਹੈ
ਪਰ ਜਿਨਾਂ ਨੂੰ ਤੁਹਾਡੇ ਭਾਣੇ ਗਾਓਣਾ ਨਹੀਂ ਪੁੱਗਦਾ
ਜੇ ਤੁਹਾਡੇ ਕੋਲ ਨਹੀ ਹੈ ਕੋਈ ਗੀਤ ਤੇ ਬੋਲ
ਮੈਨੂੰ ਬਕਣ ਦਿਓ ਜੋ ਬਕਦਾ ਹਾਂ

Paash Writings!!

ਮੈ ਉਮਰ ਭਰ ਉਸ ਦੇ ਖਿਲਾਫ਼ ਸੋਚਿਆ,ਲਿਖਿਆ
ਜੇ ਉਸਦੇ ਸੋਗ ਚ ਸਾਰਾ ਦੇਸ਼ ਸ਼ਾਮਿਲ ਹੈ,
ਦੇਸ਼ ਚੋ ਮੇਰਾ ਨਾਮ ਕੱਟ ਦੇਵੋ।
ਮੈ ਜਾਣਦਾ ਹਾਂ ਨੀਲੇ ਸਾਗਰਾਂ ਤੱਕ ਫ਼ੈਲੇ ਹੋਏ
ਖੇਤਾਂ,ਖਾਨਾਂ,ਭੱਠਿਆਂ ਦੇ ਭਾਰਤ ਨੂੰ
ਉਹ ਇਸੇ ਦੀ ਸਾਧਾਰਣ ਜਿਹੀ ਕੋਈ ਨੁੱਕਰ ਸੀ
ਪਹਿਲੀ ਵਾਰ ਜਦ ਦਿਹਾੜੀਦਾਰ ਤੇ ਉਲਰੀ ਚਪੇੜ ਮਚਕੋੜੀ ਗਈ
ਕਿਸੇ ਦੇ ਖੁਰਦਰੇ ਬੇਨਾਮ ਹੱਥਾਂ ਵਿਚ
ਠੀਕ ਉਹ ਵਕਤ ਇਸ ਕਤਲ ਦੀ ਸਾਜਿਸ਼ ਰਚੀ ਗਈ
ਕਿਸੀ ਪੁਲਿਸ ਨੂੰ ਨਹੀ ਲਭਣੀ ਇਸ ਸਾਜਿਸ਼ ਦੀ ਥਾਂ
ਕਿਉਂਕਿ ਟਿਊਬਾਂ ਸਿਰਫ ਰਾਜਧਾਨੀ ਚ ਜਗਦੀਆਂ ਹਨ
ਖੇਤਾਂ,ਖਾਨਾਂ,ਭਠਿਆਂ ਦਾ ਭਾਰਤ ਬਹੁਤ ਹਨੇਰਾ ਹੈ।
ਠੀਕ ਏਸੇ ਸਰਦ ਹਨੇਰੇ ਚ ਸੁਰਤ ਸੰਭਾਲਣ ਤੇ
ਜੀਣ ਦੇ ਨਾਲ ਜਦ ਜੀਵਨ ਬਾਰੇ ਸੋਚਣਾ ਸ਼ੁਰੂ ਕੀਤਾ
ਮੈ ਖ਼ੁਦ ਨੂੰ ਇਸ ਸਾਜਿਸ਼ ਚ ਸ਼ਰੀਕ ਪਾਇਆ
ਜਦੋਂ ਵੀਭਤੱਸੀ ਸ਼ੋਰ ਦਾ ਨੱਪ ਕੇ ਖੁਰਾ,ਮੈ ਲੱਭਣਾ ਚਾਹਿਆ ਤਰਕਦੇ ਹੋਏ ਟਿੱਡੇ ਨੂੰ
ਸ਼ਾਮਿਲ ਤੱਕਿਆ ਹੈ,ਆਪਣੀ ਪੂਰੀ ਦੁਨਿਆ ਨੂੰ
ਮੈ ਸਦਾ ਉਸ ਨੂੰ ਕਤਲ਼ ਕੀਤਾ ਹੈ ਹਰ ਵਾਕਿਫ਼ ਜਣੇ ਦੀ ਹਿੱਕ ਚੇ ਲੱਭ ਕੇ
ਜੇ ਉਸਦੇ ਕਾਤਿਲਾਂ ਨੂੰ ਇੰਜ ਸੜਕਾਂ ਤੇ ਸਿੱਝਣਾ ਹੈ
ਤਾਂ ਬਣਦੀ ਸਜ਼ਾ ਮੈਨੂੰ ਵੀ ਮਿਲੇ।
ਮੈ ਨਹੀਂ ਚਾਹੁੰਦਾ ਕਿ ਸਿਰਫ਼ ਇਸ ਲਈ ਬਚਦਾ ਰਹਾ
ਕਿ ਮੇਰਾ ਪਤਾ ਨਹੀਂ ਹੈ ਭਜਨ ਬਿਸ਼ਨੋਈ ਨੂੰ
ਇਸਦਾ ਜੋ ਵੀ ਨਾਮ ਹੈ-ਗੁੰਡਿਆਂ ਦੀ ਸਲਤਨਤ ਦਾ
ਮੈ ਉਸਦਾ ਨਾਗਰਿਕ ਹੋਣ ਤੇ ਥੁੱਕਦਾ ਹਾ।
ਮੈ ਉਸ ਪਾਇਲਟ ਦੀਆਂ ਮੀਸਣੀਆ ਅੱਖਾਂ ਚ ਰੜਕਦਾ ਭਾਰਤ ਹਾਂ
ਜੇ ਉਸਦਾ ਆਪਣਾ ਕੋਈ ਖ਼ਾਨਦਾਨੀ ਭਾਰਤ ਹੈ
ਮੇਰਾ ਨਾਂ ਉਸ ਚੋਂ ਕੱਟ ਦੇਵੋ।

Paash Writings!

ਉੱਡਦਿਆਂ ਬਾਜ਼ਾਂ ਮਗਰ… — ਪਾਸ਼
ਉੱਡ ਗਏ ਹਨ ਬਾਜ਼ ਚੁੰਝਾਂ ‘ਚ ਲੈ ਕੇ
ਸਾਡੀ ਚੈਨ ਦਾ ਇੱਕ ਪਲ ਬਿਤਾ ਸਕਣ ਦੀ ਖਾਹਿਸ਼
ਦੋਸਤੋ ਹੁਣ ਚੱਲਿਆ ਜਾਵੇ
ਉੱਡਦਿਆਂ ਬਾਜ਼ਾਂ ਮਗਰ…
ਇਹ ਤਾਂ ਸਾਰੀ ਉਮਰ ਨਹੀ ਲੱਥਣਾ
ਭੈਣਾਂ ਦੇ ਵਿਆਹਾਂ ਉੱਤੇ ਚੁੱਕਿਆ ਕਰਜ਼ਾ,
ਪੈਲੀਆਂ ਵਿੱਚ ਛਿੜ੍ਕੇ ਹੋਏ ਲਹੂ ਦਾ
ਹਰ ਕਤਰਾ ਵੀ ਇਕੱਠਾ ਕਰਕੇ
ਏਨਾ ਰੰਗ ਨਹੀ ਬਣਨਾ,
ਕਿ ਚਿਤਰ ਲਵਾਂਗੇ, ਇੱਕ ਸ਼ਾਂਤ
ਮੁਸਕਰਾਉਂਦੇ ਹੋਏ ਜਣੇ ਦਾ ਚਿਹਰਾ
ਅਤੇ ਹੋਰ
ਕਿ ਜਿੰਦਗੀ ਦੀਆਂ ਪੂਰੀਆਂ ਰਾਤਾਂ ਵੀ ਗਿਣੀ ਚੱਲੀਏ
ਤਾਰਿਆਂ ਦੀ ਗਿਣਤੀ ਨਹੀਂ ਹੋਣੀ
ਕਿਓਂਕਿ ਹੋ ਨਹੀਂ ਸਕਣਾ ਇਹ ਸਭ
ਫਿਰ ਦੋਸਤੋ , ਹੁਣ ਚੱਲਿਆ ਜਾਵੇ
ਉੱਡਦਿਆਂ ਬਾਜ਼ਾਂ ਮਗਰ…
ਜੇ ਤੁਸੀਂ ਮਾਣੀ ਹੋਵੇ
ਗੰਡ ‘ਚ ਜੰਮਦੇ ਤੱਤੇ ਗੁੜ ਦੀ ਮਹਿਕ
ਅਤੇ ਤੱਕਿਆ ਹੋਵੇ
ਸੁਹਾਗੀ ਹੋਈ ਵੱਤਰ ਭੋਂ ਦਾ
ਚੰਨ ਦੀ ਚਾਨਣੀ ਵਿੱਚ ਚਮਕਣਾ
ਤਾਂ ਤੁਸੀਂ ਜਰੂਰ ਕੋਈ ਚਾਰਾ ਕਰੋਗੇ
ਹਾਬੜੀ ਹੋਈ ਵੋਟ ਦੀ ਉਸ ਪਰਚੀ ਦਾ
ਜੋ ਲਾਲਾਂ ਸਿੱਟ ਰਹੀ ਹੈ ਸਾਡੇ ਖੁਹਾਂ ਦੀ ਹਰਿਆਵਲ ਤੇ |
ਸੁਰੰਗ ਵਰਗੀ ਜਿੰਦਗੀ ਵਿੱਚ ਤੁਰਦੇ ਹੋਏ
ਜਦ ਪਰਤ ਆਉਂਦੀ ਹੈ ਆਪਣੀ ਆਵਾਜ਼ ਆਪਣੇ ਹੀ ਪਾਸ
ਤੇ ਅੱਖਾਂ ‘ਚ ਰੜਕਦੇ ਰਹਿੰਦੇ
ਬੁਢੇ ਬਲਦ ਦੇ ਉੱਚੜੇ ਹੋਏ ਕੰਨ ਵਰਗੇ ਸੁਪਨੇ
ਜਦ ਚਿਮਟ ਜਾਵੇ ਗਲੀਆਂ ਦਾ ਚਿੱਕੜ
ਉਮਰ ਦੇ ਸਭ ਤੋਂ ਹਸੀਨ ਵਰਿਆਂ ਤੇ
ਤਾਂ ਕਰਨ ਲਈ ਏਹੋ ਬਚਦਾ ਹੈ
ਕਿ ਚੱਲਿਆ ਜਾਵੇ
ਉੱਡਦਿਆਂ ਬਾਜ਼ਾਂ ਮਗਰ