ਮੈਨੂੰ ਚਾਹੀਦੇ ਹਨ ਕੁਝ ਬੋਲ ਜਿਨਾਂ ਦਾ ਗੀਤ ਬਣ ਸਕੇ- ਪਾਸ਼
ਖੋਹ ਲਵੋ ਮੈਥੋਂ ਭੀੜ ਦੀ ਟੈਂ ਟੈਂ,ਸਾੜ ਦੇਵੋ ਮੈਨੂੰ ਮੇਰੀਆਂ ਨਜ਼ਮਾਂ ਦੀ ਧੂਣੀ ਤੇ
ਮੇਰੀ ਖੋਪੜੀ ਤੇ ਬੇਸ਼ਕ ਟਣਕਾਵੋ ਹਕੂਮਤ ਦਾ ਸਿਆਹ-ਝੰਡਾ
ਪਰ ਮੈਨੂੰ ਦਿਓ ਕੁਝ ਬੋਲ ਜਿਨਾਂ ਦਾ ਗੀਤ ਬਣ ਸਕੇ
ਮੈਨੂੰ ਨਹੀਂ ਚਾਹੀਦੇ ਅਮੀਨ ਸੱਯਾਨੀ ਦੇ ਡਾਇਲਾਗ
ਸਾਂਭੋ ਆਨੰਦ ਬਖ਼ਸ਼ੀ ਤੇ ਲਕਸ਼ਮੀ ਕਾਂਤ
ਮੈਂ ਕੀ ਕਰਨਾ ਇੰਦਰਾ ਦਾ ਭਾਸ਼ਣ
ਮੈਨੂੰ ਤਾਂ ਚਾਹੀਦੇ ਹਨ ਕੁਝ ਬੋਲ ਜਿਨਾਂ ਦਾ....
ਮੇਰੇ ਮੂੰਹ ਚ ਤੁੰਨ ਦਿਓ ਯਮਲੇ ਦੀ ਤੂੰਬੀ
ਮੇਰੇ ਮੱਥੇ ਤੇ ਝਰੀਟ ਦੇਵੋ ਟੈਗੋਰ ਦਾ ਨੈਸ਼ਨਲ ਇੰਥਮ
ਮੇਰੀ ਹਿੱਕ ਤੇ ਚਿਪਕਾ ਦਿਓ ਗੁਲਸ਼ਨ ਨੰਦਾ ਦੇ ਨਾਵਲ
ਮੈ ਕਾਹਨੂੰ ਪੜ੍ਨਾ ਹੈ ਜ਼ਫਰਨਾਮਾ
ਜੇ ਮੈਨੂੰ ਮਿਲ ਜਾਣ ਕੁਝ ਬੋਲ ਜਿਨਾਂ ਦਾ....
ਮੇਰੇ ਪਿੰਡੇ ਤੇ ਲੱਦ ਦਿਓ ਵਾਜਪਾਈ ਦਾ ਬੋਝਲ ਪਿੰਡਾ
ਮੇਰੇ ਗਲ ਚ ਪਾ ਦਿਓ ਹੇਮੰਤ ਬਾਸੂ ਦੀ ਲਾਸ਼
ਮੇਰੇ...ਚ ਦੇ ਦਿਓ ਲਾਲਾ ਜਗਤ ਨਾਰਾਇਣ ਦਾ ਸਿਰ
ਚਲੋ ਮੈਂ ਮਾਓ ਦਾ ਨਾਂ ਵੀ ਨਹੀਂ ਲੈਂਦਾ
ਪਰ ਮੈਨੂੰ ਦਿਓ ਤਾਂ ਸਹੀ ਕੁਝ ਬੋਲ ਜਿਨਾਂ ਦਾ...
ਮੈਨੂੰ ਪੈੱਨ ਵਿਚ ਸਿਆਹੀ ਨਾ ਭਰਨ ਦੇਵੋ
ਆਪਣੀ 'ਲੋਹ-ਕਥਾ' ਵੀ ਸਾੜ ਦਿੰਦਾ ਹਾਂ
'ਚੰਦਨ' ਨਾਲ ਵੀ ਕਾਟੀ ਕਰ ਲੈਂਦਾ ਹਾਂ
ਜੇ ਮੈਨੂੰ ਦਿਓ ਕੁਝ ਬੋਲ ਜਿਨਾਂ ਦਾ ਗੀਤ ਬਣ ਸਕੇ
ਇਹ ਗੀਤ ਮੈਂ ਉਹਨਾਂ ਗੁੰਗਿਆ ਨੂੰ ਦੇਣਾ ਹੈ
ਜਿਨਾਂ ਨੂੰ ਗੀਤਾਂ ਦੀ ਕਦਰ ਹੈ
ਪਰ ਜਿਨਾਂ ਨੂੰ ਤੁਹਾਡੇ ਭਾਣੇ ਗਾਓਣਾ ਨਹੀਂ ਪੁੱਗਦਾ
ਜੇ ਤੁਹਾਡੇ ਕੋਲ ਨਹੀ ਹੈ ਕੋਈ ਗੀਤ ਤੇ ਬੋਲ
ਮੈਨੂੰ ਬਕਣ ਦਿਓ ਜੋ ਬਕਦਾ ਹਾਂ
Subscribe to:
Post Comments (Atom)
No comments:
Post a Comment