Wednesday, November 18, 2009

Paash Writings!

ਉੱਡਦਿਆਂ ਬਾਜ਼ਾਂ ਮਗਰ… — ਪਾਸ਼
ਉੱਡ ਗਏ ਹਨ ਬਾਜ਼ ਚੁੰਝਾਂ ‘ਚ ਲੈ ਕੇ
ਸਾਡੀ ਚੈਨ ਦਾ ਇੱਕ ਪਲ ਬਿਤਾ ਸਕਣ ਦੀ ਖਾਹਿਸ਼
ਦੋਸਤੋ ਹੁਣ ਚੱਲਿਆ ਜਾਵੇ
ਉੱਡਦਿਆਂ ਬਾਜ਼ਾਂ ਮਗਰ…
ਇਹ ਤਾਂ ਸਾਰੀ ਉਮਰ ਨਹੀ ਲੱਥਣਾ
ਭੈਣਾਂ ਦੇ ਵਿਆਹਾਂ ਉੱਤੇ ਚੁੱਕਿਆ ਕਰਜ਼ਾ,
ਪੈਲੀਆਂ ਵਿੱਚ ਛਿੜ੍ਕੇ ਹੋਏ ਲਹੂ ਦਾ
ਹਰ ਕਤਰਾ ਵੀ ਇਕੱਠਾ ਕਰਕੇ
ਏਨਾ ਰੰਗ ਨਹੀ ਬਣਨਾ,
ਕਿ ਚਿਤਰ ਲਵਾਂਗੇ, ਇੱਕ ਸ਼ਾਂਤ
ਮੁਸਕਰਾਉਂਦੇ ਹੋਏ ਜਣੇ ਦਾ ਚਿਹਰਾ
ਅਤੇ ਹੋਰ
ਕਿ ਜਿੰਦਗੀ ਦੀਆਂ ਪੂਰੀਆਂ ਰਾਤਾਂ ਵੀ ਗਿਣੀ ਚੱਲੀਏ
ਤਾਰਿਆਂ ਦੀ ਗਿਣਤੀ ਨਹੀਂ ਹੋਣੀ
ਕਿਓਂਕਿ ਹੋ ਨਹੀਂ ਸਕਣਾ ਇਹ ਸਭ
ਫਿਰ ਦੋਸਤੋ , ਹੁਣ ਚੱਲਿਆ ਜਾਵੇ
ਉੱਡਦਿਆਂ ਬਾਜ਼ਾਂ ਮਗਰ…
ਜੇ ਤੁਸੀਂ ਮਾਣੀ ਹੋਵੇ
ਗੰਡ ‘ਚ ਜੰਮਦੇ ਤੱਤੇ ਗੁੜ ਦੀ ਮਹਿਕ
ਅਤੇ ਤੱਕਿਆ ਹੋਵੇ
ਸੁਹਾਗੀ ਹੋਈ ਵੱਤਰ ਭੋਂ ਦਾ
ਚੰਨ ਦੀ ਚਾਨਣੀ ਵਿੱਚ ਚਮਕਣਾ
ਤਾਂ ਤੁਸੀਂ ਜਰੂਰ ਕੋਈ ਚਾਰਾ ਕਰੋਗੇ
ਹਾਬੜੀ ਹੋਈ ਵੋਟ ਦੀ ਉਸ ਪਰਚੀ ਦਾ
ਜੋ ਲਾਲਾਂ ਸਿੱਟ ਰਹੀ ਹੈ ਸਾਡੇ ਖੁਹਾਂ ਦੀ ਹਰਿਆਵਲ ਤੇ |
ਸੁਰੰਗ ਵਰਗੀ ਜਿੰਦਗੀ ਵਿੱਚ ਤੁਰਦੇ ਹੋਏ
ਜਦ ਪਰਤ ਆਉਂਦੀ ਹੈ ਆਪਣੀ ਆਵਾਜ਼ ਆਪਣੇ ਹੀ ਪਾਸ
ਤੇ ਅੱਖਾਂ ‘ਚ ਰੜਕਦੇ ਰਹਿੰਦੇ
ਬੁਢੇ ਬਲਦ ਦੇ ਉੱਚੜੇ ਹੋਏ ਕੰਨ ਵਰਗੇ ਸੁਪਨੇ
ਜਦ ਚਿਮਟ ਜਾਵੇ ਗਲੀਆਂ ਦਾ ਚਿੱਕੜ
ਉਮਰ ਦੇ ਸਭ ਤੋਂ ਹਸੀਨ ਵਰਿਆਂ ਤੇ
ਤਾਂ ਕਰਨ ਲਈ ਏਹੋ ਬਚਦਾ ਹੈ
ਕਿ ਚੱਲਿਆ ਜਾਵੇ
ਉੱਡਦਿਆਂ ਬਾਜ਼ਾਂ ਮਗਰ

No comments: